Bible Languages

Indian Language Bible Word Collections

Bible Versions

Books

Isaiah Chapters

Bible Versions

Books

Isaiah Chapters

1 ਆਮੋਸ ਦੇ ਪੁੱਤ੍ਰ ਯਸਾਯਾਹ ਦਾ ਦਰਸ਼ਣ ਜਿਹੜਾ ਉਹ ਨੇ ਯਹੂਦਾਹ ਤੇ ਯਰੂਸ਼ਲਮ ਦੇ ਵਿਖੇ ਉੱਜ਼ੀਯਾਹ, ਯੋਹਾਮ, ਆਹਾਜ਼ ਅਤੇ ਹਿਜ਼ਕੀਯਾਹ, ਯਹੂਦਾਹ ਦੇ ਪਾਤਸ਼ਾਹਾਂ ਦੇ ਦਿਨੀਂ ਵੇਖਿਆ।।
2 ਹੇ ਅਕਾਸ਼, ਸੁਣ ਅਤੇ ਹੇ ਧਰਤੀ, ਕੰਨ ਲਾ, ਯਹੋਵਾਹ ਐਉਂ ਫ਼ਰਮਾਉਂਦਾ ਹੈ, ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ, ਪਰ ਓਹ ਮੈਥੋਂ ਆਕੀ ਹੋ ਗਏ।
3 ਬਲਦ ਆਪਣੇ ਮਾਲਕ ਨੂੰ, ਅਤੇ ਖੋਤਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਏਲ ਨਹੀਂ ਜਾਣਦਾ, ਮੇਰੀ ਪਰਜਾ ਨਹੀਂ ਸੋਚਦੀ।।
4 ਹਾਇ, ਪਾਪੀ ਕੌਮ! ਬਦੀ ਨਾਲ ਲੱਦੇ ਹੋਏ ਲੋਕ, ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤ੍ਰ! ਉਨ੍ਹਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਤੁੱਛ ਜਾਤਾ, ਓਹ ਉੱਕੇ ਹੀ ਬੇਮੁਖ ਹੋ ਗਏ।।
5 ਤੁਸੀਂ ਕਿਉਂ ਹੋਰਮਾਰ ਖਾਓਗੇ, ਧਰਮ ਤੋਂ ਮੁੱਕਰਦੇ ਜਾਓਗੇ? ਸਾਰਾ ਸਿਰ ਬਿਮਾਰ ਹੈ, ਅਤੇ ਸਾਰਾ ਦਿਲ ਕਮਜ਼ੋਰ ਹੈ।
6 ਪੈਰ ਦੀ ਤਲੀ ਤੋਂ ਸਿਰ ਤਾਈਂ ਉਸ ਵਿੱਚ ਤੰਦਰੁਸਤੀ ਨਹੀਂ, ਸੱਟ, ਚੋਟ ਅਤੇ ਕੱਚੇ ਘਾਉ, ਓਹ ਨਾ ਨਪਿੱਤੇ ਗਏ, ਨਾ ਬੰਨ੍ਹੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ।
7 ਤੁਹਾਡਾ ਦੇਸ ਉਜਾੜ ਹੈ, ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ, ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜਮੀਨ ਨੂੰ ਖਾਈ ਜਾਂਦੇ ਹਨ, ਅਤੇ ਉਹ ਉਜਾੜ ਹੈ ਭਈ ਜਾਣੋ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੈ।
8 ਸੀਯੋਨ ਦੀ ਧੀ ਅੰਗੂਰੀ ਬਾਗ ਦੇ ਛੱਪਰ ਵਾਂਙੁ ਛੱਡੀ ਗਈ, ਕਕੜੀਆਂ ਦੇ ਖੇਤ ਦੀ ਕੁੱਲੀ ਵਾਂਙੁ, ਯਾ ਘੇਰੇ ਹੋਏ ਨਗਰ ਵਾਂਙੁ।
9 ਜੇ ਸੈਨਾਂ ਦਾ ਯਹੋਵਾਹ ਸਾਡੀ ਕੁਝ ਰਹਿੰਦੇ ਖੂੰਧ ਨਾ ਛੱਡਦਾ, ਤਾਂ ਅਸੀਂ ਸਦੂਮ ਵਰਗੇ ਹੁੰਦੇ, ਅਮੂਰਾਹ ਜੇਹੇ ਹੋ ਜਾਂਦੇ।।
10 ਹੇ ਸਦੂਮ ਦੇ ਆਗੂਓ, ਯਹੋਵਾਹ ਦਾ ਬਚਨ ਸੁਣੋ, ਹੇ ਅਮੂਰਾਹ ਦੇ ਲੋਕੋ, ਸਾਡੇ ਪਰਮੇਸ਼ੁਰ ਦੀ ਬਿਵਸਥਾ ਤੇ ਕੰਨ ਲਾਓ!
11 ਮੈਨੂੰ ਤੁਹਾਡੀਆਂ ਬਲੀਆਂ ਦੀ ਵਾਫਰੀ ਨਾਲ ਕੀ ਕੰਮ? ਯਹੋਵਾਹ ਆਖਦਾ ਹੈ। ਮੈਂ ਤਾਂ ਛੱਤਰਿਆਂ ਦੀਆਂ ਹੋਮ ਬਲੀਆਂ ਨਾਲ, ਅਤੇ ਪਲੇ ਹੋਏ ਪਸੂਆਂ ਦੀ ਚਰਬੀ ਨਾਲ ਰੱਜ ਗਿਆ ਹਾਂ, ਬਲਦਾਂ ਯਾ ਲੇਲਿਆਂ ਯਾ ਬੱਕਰਿਆਂ ਦੇ ਲਹੂ ਨਾਲ ਮੈਂ ਪਰਸੰਨ ਨਹੀਂ ਹਾਂ।
12 ਜਦ ਤੁਸੀਂ ਮੇਰੇ ਸਨਮੁਖ ਹਾਜ਼ਰ ਹੁੰਦੇ ਹੋ, ਤਾਂ ਤੁਹਾਡੀ ਵੱਲੋਂ ਕਿਸ ਨੇ ਚਾਹਿਆ, ਭਈ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ?
13 ਅੱਗੇ ਨੂੰ ਵਿਅਰਥ ਚੜ੍ਹਾਵੇ ਨਾ ਲਿਆਓ, ਧੂਪ, ਉਹ ਮੇਰੇ ਲਈ ਘਿਣਾਉਣੀ ਹੈ, ਅਮੱਸਿਆਂ ਅਤੇ ਸਬਤ, ਸੰਗਤਾਂ ਦਾ ਜੋੜ ਮੇਲਾ ਵੀ — ਮੈਂ ਬਦੀ ਅਤੇ ਧਰਮ ਸਭਾ ਝੱਲ ਨਹੀਂ ਸੱਕਦਾ।
14 ਤੁਹਾਡੀਆਂ ਅਮੱਸਿਆਂ ਅਤੇ ਤੁਹਾਡੇ ਮਿਥੇ ਹੋਏ ਪਰਬਾਂ ਤੋਂ ਮੇਰੇ ਜੀ ਨੂੰ ਸੂਗ ਆਉਂਦੀ ਹੈ, ਓਹ ਮੇਰੇ ਲਈ ਖੇਚਲ ਹਨ, ਚੁੱਕਦੇ ਚੁੱਕਦੇ ਮੈਂ ਥੱਕ ਗਿਆ!
15 ਜਦ ਤੁਸੀਂ ਆਪਣੇ ਹੱਥ ਅੱਡੋਗੇ, ਤਾਂ ਮੈਂ ਤੁਹਾਥੋਂ ਆਪਣੀ ਅੱਖ ਮੀਚ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ।
16 ਨਹਾਓ, ਆਪਣੇ ਆਪ ਨੂੰ ਪਾਕ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਿਆਈ ਨੂੰ ਛੱਡੋ।
17 ਨੇਕੀ ਸਿੱਖੋ, ਨਿਆਉਂ ਨੂੰ ਭਾਲੋ, ਜ਼ਾਲਮ ਨੂੰ ਸਿੱਧਾ ਕਰੋ, ਯਤੀਮ ਦਾ ਨਿਆਉਂ ਕਰੋ, ਵਿਧਵਾ ਦਾ ਮੁਕੱਦਮਾ ਲੜੋ।।
18 ਆਓ, ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ, ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ।
19 ਜੇ ਤੁਸੀਂ ਖੁਸ਼ੀ ਨਾਲ ਮੰਨੋ, ਤੁਸੀਂ ਧਰਤੀ ਦੇ ਪਦਾਰਥ ਖਾਓਗੇ।
20 ਪਰ ਜੇ ਤੁਸੀਂ ਮੁੱਕਰ ਜਾਓ, ਤੇ ਆਕੀ ਹੋ ਜਾਓ, ਤੁਸੀਂ ਤਲਵਾਰ ਨਾਲ ਵੱਢੋ ਜਾਓਗੇ। ਇਹ ਤਾਂ ਯਹੋਵਾਹ ਦਾ ਮੁਖ ਵਾਕ ਹੈ।।
21 ਉਹ ਸਤਵੰਤੀ ਨਗਰੀ ਕਿੱਕੁਰ ਕੰਜਰੀ ਹੋ ਗਈ! ਜਿਹੜੀ ਨਿਆਉਂ ਨਾਲ ਭਰੀ ਹੋਈ ਸੀ, ਜਿਹ ਦੇ ਵਿੱਚ ਧਰਮ ਟਿਕਦਾ ਸੀ, ਪਰ ਹੁਣ ਖੂਨੀ!
22 ਤੇਰੀ ਚਾਂਦੀ ਖੋਟ ਬਣ ਗਈ, ਤੇਰੀ ਮੈ ਪਾਣੀ ਵਿੱਚ ਮਿਲੀ ਹੋਈ ਹੈ।
23 ਤੇਰੇ ਸਰਦਾਰ ਜ਼ਿੱਦੀ ਅਤੇ ਚੋਰਾਂ ਦੇ ਸਾਥੀ ਹਨ, ਹਰੇਕ ਵੱਢੀ ਦਾ ਲਾਲਚੀ ਹੈ, ਅਤੇ ਨਜ਼ਰਾਨੇ ਦੇ ਪਿੱਛੇ ਪੈਂਦਾ ਹੈ, ਓਹ ਯਤੀਮ ਦਾ ਨਿਆਉਂ ਨਹੀਂ ਕਰਦੇ, ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਕੋਲ ਨਹੀਂ ਪਹੁੰਚਦਾ।।
24 ਏਸ ਲਈ ਪ੍ਰਭੁ ਦਾ ਵਾਕ ਹੈ, ਸੈਨਾਂ ਦੇ ਯਹੋਵਾਹ ਦਾ, ਇਸਰਾਏਲ ਦੇ ਸ਼ਕਤੀਮਾਨ ਦਾ, ਹਾਇ, ਮੈਂ ਆਪਣੇ ਵਿਰੋਧੀਆਂ ਤੋਂ ਅਰਾਮ ਪਾਵਾਂਗਾ, ਅਤੇ ਆਪਣੇ ਵੈਰੀਆਂ ਤੋਂ ਵੱਟਾ ਲਵਾਂਗਾ!
25 ਮੈਂ ਆਪਣਾ ਹੱਥ ਤੇਰੇ ਉੱਤੇ ਫੇਰਾਂਗਾ, ਮੈਂ ਤੇਰਾ ਖੋਟ ਤਾਕੇ ਸਿੱਕੇ ਨਾਲ ਕੱਢਾਗਾਂ ਅਤੇ ਮੈਂ ਤੇਰੀ ਸਾਰੀ ਮਿਲਾਉਟ ਦੂਰ ਕਰਾਂਗਾ।
26 ਤਾਂ ਮੈਂ ਤੇਰੇ ਨਿਆਈਆਂ ਨੂੰ ਅੱਗੇ ਵਾਂਙੁ, ਅਤੇ ਤਾਰੇ ਸਲਾਹੂਆਂ ਨੂੰ ਪਹਿਲਾਂ ਵਾਂਙੁ ਬਹਾਲ ਕਰਾਂਗਾ, ਫੇਰ ਤੂੰ ਧਰਮੀ ਸ਼ਹਿਰ, ਸਤਵੰਤੀ ਨਗਰੀ ਸਦਾਵੇਂਗੀ।।
27 ਸੀਯੋਨ ਨਿਆਉਂ ਤੋਂ ਅਤੇ ਉਹ ਤੇ ਤੋਬਾ ਕਰਨ ਵਾਲੇ ਧਰਮ ਤੋਂ ਛੁਟਕਾਰਾ ਪਾਉਣਗੇ।
28 ਪਰ ਅਪਰਾਧੀਆਂ ਤੇ ਪਾਪੀਆਂ ਦਾ ਨਾਸ ਇਕੱਠਾ ਹੀ ਹੋਵੇਗਾ, ਅਤੇ ਯਹੋਵਾਹ ਤੇ ਤਿਆਗਣ ਵਾਲੇ ਮੁੱਕ ਜਾਣਗੇ।
29 ਓਹ ਤਾਂ ਉਨ੍ਹਾਂ ਬਲੂਤਾਂ ਤੋਂ ਜਿਨ੍ਹਾਂ ਨੂੰ ਤੁਸਾਂ ਪਸੰਦ ਕੀਤਾ ਲੱਜਿਆਵਾਨ ਹੋਣਗੇ, ਅਤੇ ਤੁਸੀਂ ਉਨ੍ਹਾਂ ਬਾਗਾਂ ਤੋਂ ਜਿਨ੍ਹਾਂ ਨੂੰ ਤੁਸਾਂ ਚੁਣਿਆ ਖੱਜਲ ਹੋਵੋਗੇ।
30 ਤੁਸੀਂ ਤਾਂ ਉਸ ਬਲੂਤ ਵਾਂਙੁ ਹੋਵੋਗੇ ਜਿਹ ਦੇ ਪੱਤੇ ਕੁਮਲਾ ਗਏ ਹਨ, ਯਾ ਉਸ ਬਾਗ ਵਾਂਙੁ ਜਿਹ ਦੇ ਵਿੱਚ ਪਾਣੀ ਨਹੀਂ।
31 ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ, ਅਤੇ ਉਹ ਦਾ ਕੰਮ ਚੰਗਿਆੜੇ ਜਿਹਾ। ਓਹ ਦੋਵੋਂ ਇਕੱਠੇ ਸੜਨਗੇ, ਅਤੇ ਕੋਈ ਬੁਝਾਉਣ ਵਾਲਾ ਨਹੀਂ ਹੋਵੇਗਾ।।
×

Alert

×